News

ਕਿੰਨਾ ਡਰਾਉਣਾ ਸੰਸਾਰ ਹੋਵੇਗਾ ਇਹ !

ਇਹ ਲੇਖ ਗੁਰਪ੍ਰੀਤ ਸਿੰਘ ਸਹੋਤਾ ਨੇ ਆਪਣੀ ਫੇਸਬੁੱਕ ( ਨਵਾਂ ਨਾਮ Meta ) ਤੇ ਸਾਂਝਾ ਕੀਤਾ ਹੈ । ਅਸੀਂ ਕੌਮੀ ਆਵਾਜ਼ ਦੇ ਪਾਠਕਾਂ ਇੱਥੇ ਲਈ ਸਾਂਝਾ ਕਰ ਰਹੇ ਹਾਂ , ਇਸ ਲੇਖ ਵਿੱਚ ਸਮਾਂ ਕਿੰਨੀ ਤੇਜ਼ੀ ਨਾਲ ਬਦਲਿਆ ਹੈ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ , ਇਸ ਲੇਖ ਵਿੱਚ ਪੁਰਾਣੇ ਪੰਜਾਬ ਦੀ ਜ਼ਿੰਦਗੀ ਦੇ ਦਰਸ਼ਨ ਕਰਾਉਂਦੀ ਬਲਜੀਤ ਖਾਨ ਦੀ ਲਿਖਤ ਵੀ ਬੜੀ ਸੁਆਦਲੀ ਹੈ – ਸੰਪਾਦਕ

ਫੇਸਬੁੱਕ ਦੇ ਨਵੇਂ ਨਾਮ ਮੈਟਾ ਹੇਠ ਜ਼ੁਕਰਬਰਗ ਦਾ ਸੁਪਨਾ ਦੁਨੀਆ ਨੂੰ ਖਿਆਲਾਂ ‘ਚ (ਵਰਚੂਅਲੀ) ਜੋੜਨ ਦਾ ਹੈ। ਜਿਵੇਂ ਹੁਣ ਆਪਾਂ ਫੇਸਬੁੱਕ ‘ਤੇ ਮਿਲ ਲੈਨੇ ਹਾਂ, ਵੀਡੀਓ ਕਾਲ ਜਾਂ ਜ਼ੂਮ ਮੀਟਿੰਗ ਕਰ ਲੈਨੇ ਹਾਂ, ਇਸ ਤੋਂ ਵੀ ਅਗਾਂਹ। ਕੋਸ਼ਿਸ਼ ਹੈ ਕਿ ਬੰਦਾ ਕਿਸੇ ਨੂੰ ਮਿਲੇ ਨਾ, ਬੱਸ ਸਾਰੇ ਕੰਮ ਬਿਨਾ ਮਿਲੇ ਹੋਈ ਜਾਣ। ਆਪੇ ਗੱਡੀਆਂ ਚੱਲੀ ਜਾਣ, ਆਪੇ ਸਭ ਕੁਝ ਬਣੀ ਜਾਵੇ ਤੇ ਡਲਿਵਰ ਹੋਈ ਜਾਵੇ। ਲੋਕ ਆਪੋ ਆਪਣੇ ਟਿਕਾਣੇ ਬੈਠੇ ਆਪਣਾ ਕੰਮ ਵੀ ਕਰੀ ਜਾਣ, ਗੱਲਾਂ ਵੀ ਕਰੀ ਜਾਣ, ਖੇਡੀ ਵੀ ਜਾਣ।

ਕਿੰਨਾ ਡਰਾਉਣਾ ਸੰਸਾਰ ਹੋਵੇਗਾ ਇਹ! ਖ਼ਾਸਕਰ ਸਾਡੇ ਵਰਗਿਆਂ ਲਈ ਜਿਨ੍ਹਾਂ ਹੱਥੀਂ ਪੱਠੇ ਕੁਤਰਨ ਤੋਂ ਲੈ ਕੇ ਸੌਫਟਵੇਅਰ ਤੱਕ ਵਰਤ ਲਏ। ਬਲਦ ਰੇਹੜੀ ‘ਤੇ ਪੱਠੇ ਢੋਣ ਵਾਲੇ, ਪੱਠੇ ਕੁਤਰਨ ਲੱਗਿਆਂ ਇੰਜਣ ਦੀ ਰੇਸ ਫੜਨ ਵਾਲੇ, ਪਟਾ ਲਹਿਣੋਂ ਬਚਾਉਣ ਲਈ ਤੰਗਲੀ ਫਸਾਉਣ ਵਾਲੇ, ਡੱਬੇ ਨਾਲ ਇੰਜਣ ‘ਚ ਪਾਣੀ ਪਾਉਣ ਵਾਲੇ ਹੱਥ ਘਰ ਬੈਠੇ ਬੈਂਕ ‘ਚ ਚੈੱਕ ਜਮਾਂ ਕਰਵਾ ਰਹੇ ਨੇ, ਪੈਸੇ ਈ ਟਰਾਂਸਫ਼ਰ ਕਰ ਰਹੇ ਨੇ, ਲੁਕੇਸ਼ਨਾਂ ਦੱਸ ਰਹੇ ਹਨ। ਅਸੀਂ ਤਾਂ ਦੁਨੀਆ ਬਹੁਤ ਹੀ ਬਦਲਦੀ ਦੇਖ ਲਈ।

ਮੈਟਾਵਰਸ ਬਾਰੇ ਪੜ੍ਹ ਰਿਹਾ ਸਾਂ ਤਾਂ ਅੱਗੇ ਜਨਾਬ ਬਲਜੀਤ ਖਾਨ ਦੀ ਇਹ ਪੋਸਟ ਆ ਗਈਃ

ਅਸੀਂ ਪਿੰਡਾਂ ਆਲ਼ੇ ਅਜੇ ਵੀ ਜੇਕਰ ਲੰਗਰ ਘਟ ਜਾਵੇ ਤਾਂ ਵਧ ਗਿਆ ਆਖਦੇ ਆਂ। ਅਸੀਂ ਮੁੱਢ ਤੋਂ ਈ ਬਹੁਤੇ ਜੁਗਾੜੀ ਨਹੀਂ ਸਾਂ, ਨਾ ਈ ਹਿਸਾਬੀ-ਕਿਤਾਬੀ ਸਾਂ, ਗਣਿਤ ਨਾਲ਼ ਸਾਨੂੰ ਮੁੱਢ ਤੋਂ ਈ ਨਕਸ਼ਨ ਸੀ। ਕਦੇ ਜਮ੍ਹਾਂ, ਕਦੇ ਘਟਾਉ, ਕਦੇ ਜ਼ਰਬ, ਕਦੇ ਤਕਸੀਮ ਪੇਸ਼ ਪੈਂਦੀ ਰਹੀ, ਜ਼ਿੰਦਗੀ ਆਪਣੀ ਸਮੀਕਰਨ ਹਰ ਪੈਰ ‘ਤੇ ਬਦਲਦੀ ਗਈ। ਇੱਕੀਵੀਂ ਸਦੀ ਕੀ ਚੜ੍ਹੀ, ਕਿੰਨਾ ਕੁਝ ਨਿਗਲ ਗਈ!

ਉੱਚੀਆਂ ਕੰਧਾਂ ਨੇ ਸਾਨੂੰ ਡਰ ਦਿੱਤੇ। ਜਦੋਂ ਨੀਵੀਂਆਂ ਸਨ ਅਸੀਂ ਨਿਧੜਕ ਵੱਸਦੇ ਸਾਂ। ਬਾਰ ‘ਚ ਟੰਬਾ ਲਾ ਕੇ ਜਾਂ ਗੱਡਾ ਖਲ੍ਹਿਆਰ ਕੇ ਪਸੂ-ਡੰਗਰ ਨੂੰ ਅੰਦਰ ਆਉਣ ਤੋਂ ਰੋਕ ਲਾ ਦਿੰਦੇ ਸਾਂ।

ਕੋਠੀਆਂ ਨੇ ਸਾਡੇ ਕਈ ਸ਼ਬਦ ‘ਰਸੋਈ, ‘ਚੁੱਲ੍ਹਾ-ਚੌਂਤਾ’, ‘ਬੈਠਕ’, ‘ਗੁਸਲਖਾਨਾ’, ਖਾ ਲਏI ਕਦੇ ਕੱਚੀ ਕੰਧ ‘ਚ ਕਿੱਲ ਗੱਡ ਕੇ ਪਾਈ ਟਾਣ ‘ਤੇ ਸਜਾਏ ਪਿੱਤਲ ਦੇ ਭਾਂਡੇ ਕਮਰੇ ਨੂੰ ਮਣਾਂ-ਮੂੰਹੀਂ ਰੂਪ ਚਾੜ੍ਹ ਦਿੰਦੇ ਸਨ।

ਸੱਥ ‘ਚ ਬੈਠਿਆਂ ਨੂੰ ਕੋਈ ਪਾੜ੍ਹਾ ਅਖ਼ਬਾਰ ਪੜ੍ਹਕੇ ਸੁਣਾਉਂਦਾ ਹੁੰਦਾ ਸੀ, ਜਿਸ ਦਿਨ ਉਹ ਗ਼ੈਰ-ਹਾਜ਼ਰ ਹੋ ਜਾਂਦਾ, ਬਾਬਿਆਂ ਨੂੰ ਤੋੜ ਲੱਗੀ ਰਹਿੰਦੀ।

ਦੂਹਰੀ ਵਾਰ ਦੇਗ ਲੈਣ ਲਈ ਥੰਧੇ ਹੱਥਾਂ ਨੂੰ ਪਜਾਮੇ ਨਾਲ਼ ਪੂੰਝਕੇ ਖੁਸ਼ਕ ਕਰ ਲੈਣਾ ਤੇ ਵੱਡੇ ਗੱਫੇ ਲਈ ਬੁੱਕ ਬਾਬੇ ਮੂਹਰੇ ਅੱਡ ਦੇਣੇ। ਪਛਾਣੇ ਜਾਣ ‘ਤੇ ਮਸਾਂ ਹੀ ਇੱਕ-ਅੱਧੀ ਵਾਰ ਸ਼ਾਮਤ ਆਈ ਹੋਊ।

ਜਵਾਕ ਨੂੰ ਘਨੇੜੀ ਚੱਕ ਕੇ ਹੋਕਾ ਦਿੰਦੇ ਫਿਰਨਾ, “ਮਸ਼ਕ ਪਾਣੀ ਲੈ ਲਓ, ਬਈ!” ਤੇ ਜਵਾਕ ਨੇ ਕਿਸੇ ਦੇ ਹੱਥਾਂ ‘ਤੇ ਥੁੱਕ ਦੇਣਾ।

ਸ਼ਰਾਰਤ ‘ਚ ਪਿਆਂ ਨੇ ਸੰਤਰੇ ਦੇ ਛਿੱਲੜ ਦਾ ਸਤ ਕਿਸੇ ਦੀਆਂ ਅੱਖਾਂ ‘ਚ ਨਿਚੋੜ ਦੇਣਾ।

ਗੰਢੇ ਕੱਟਣ ਵੇਲ਼ੇ ਅੱਖਾਂ ਮੱਚਣ ਤੋਂ ਬਚਣ ਲਈ ਗੰਢੇ ਦੇ ਸਿਰੇ ਕੱਟ ਕੇ ਕੰਨਾਂ ਪਿੱਛੇ ਟੰਗ ਲੈਣੇ।

ਭਰਿੰਡ ਲੜ ਜਾਣਾ ਤਾਂ ਲੋਹੇ ਦਾ ਕੜਾ ਮਲ ਲਿਆ ਕਰਦੇ ਸਾਂ।

ਢਿੱਲੀ ਪੈਂਦ ਵਾਲ਼ੇ ਮੰਜੇ ‘ਤੇ ਪੈਣ ਲਈ ਜਿਦ-ਜਦਾਈ ਹੁੰਦੀ ਸੀ।
ਛੱਪੜਾਂ ‘ਚ ਛੱਡੀ ਸਣ ਮੁਸ਼ਕ ਪਈ ਮਾਰਦੀ ਹੁੰਦੀ ਸੀ ਤੇ ਹੁਣ ਉਹ ਨਜ਼ਾਰੇ ਚੇਤੇ ਆਉਂਦੇ ਨੇ।

ਲੱਗਦਾ ਹੁੰਦਾ ਸੀ ਜਿਹੜਾ ਚਾਂਦੀ ਦੇ ਵਰਕ ਆਲ਼ੀ ਬਰਫ਼ੀ ਲੈ ਗਿਆ ਸਮਝੋ ਬਾਜ਼ੀ ਲੁੱਟ ਗਿਆ।

ਤੇਜ਼ ਭੱਜਣ ਵੇਲ਼ੇ ਕੈਂਚੀ ਚੱਪਲ ਹੱਥਾਂ ‘ਤੇ ਚਾੜ੍ਹ ਕੇ ਸਿੱਧਾ ਪੰਜਵਾਂ ਗੇਅਰ ਪਾ ਦਿੰਦੇ ਸਾਂ।

ਚਾਹ ਦੇ ਨਾਲ਼ ਖਾਧੇ ਭੁਜੀਏ ਬਦਾਣੇ ਦਾ ਸਵਾਦ ਦਹਾਕਿਆਂ ਬਾਅਦ ਵੀ ਜੀਭ ‘ਤੇ ਤੈਰਦਾ ਫਿਰਦਾ ਏ।

ਅੰਗ੍ਰੇਜ਼ੀ ਸਕੂਲਾਂ ਦੇ ਬੱਚੇ ਅੱਧੀ ਛੁੱਟੀ ਖਾਣਾ ਖਾਂਦੇ ਹੁਣ ਕਿੱਥੇ ਆਖਦੇ ਨੇ,”ਰਾਜੇ, ਰਾਜੇ ਰੋਟੀ ਖਾਂਦੇ, ਬਿੱਲੀਆਂ ਖੜ੍ਹੀਆਂ ਝਾਕਦੀਆਂ।”

“ਕੁੱਕੜੂ ਘੜੂੰ, ਤੇਰੀ ਬੋਦੀ ਵਿੱਚ ਜੂੰ!” ਜੇ ਭੁੱਲ-ਭੁਲੇਖੇ ਕਿਸੇ ਦੇ ਮੂੰਹ ‘ਚੋਂ ਨਿੱਕਲ ਜਾਵੇ, ਉਹਨੂੰ ਪੇਂਡੂ, ਦੇਸੀ, ਗਵਾਰ ਆਖ ਦਿੱਤਾ ਜਾਂਦਾ ਏ।

ਹੁਣ ਚਾਚਿਆਂ-ਤਾਇਆਂ ਨੂੰ ‘ਤੂੰ’ ਕਹਿਣਾ ਛੱਡਕੇ ‘ਤੁਸੀਂ’ ਕਹਿਣ ਲੱਗ ਪਏ ਆਂ ਪਰ ਦਿਲੀ ਇੱਜ਼ਤਾਂ ਘਟ ਗਈਆਂ ਨੇ।

ਜਿਵੇਂ ਕੋਈ ਮੁਟਿਆਰ ਖੂਹ ਤੋਂ ਪਾਣੀ ਭਰ ਕੇ ਇੱਕ ਘੜਾ ਢਾਕ ‘ਤੇ ਤੇ ਇੱਕ ਸਿਰ ‘ਤੇ ਚੁੱਕੀ ਆਉਂਦੀ ਹੋਵੇ ਭਾਈਚਾਰੇ ਦੇ ਸਿਰ ‘ਤੇ ਜ਼ਿੰਦਗੀ ਅਣਨਾਪਿਆ-ਤੋਲਿਆ ਬੋਝ ਚੁੱਕੀ ਫਿਰਦੀ ਸੀ।

ਸੱਚਮੁੱਚ, ਕਿੰਨਾ ਕੁਝ ਬਦਲ ਗਿਆ ਏ, ਮਨ ਉਦਾਸ ਏ, ਜ਼ਿੰਦਗੀ ਇਉਂ ਲੱਗਦੈ,”ਕੋਕਾ ਕਢਵਾ ਦੇ ਵੇ ਮਾਹੀਆ, ਕੋਕਾ!” ਗੀਤ ਗਾਉਣ ਭੁੱਲ ਗਈ ਏ।

“ਏਨੀ ਮੇਰੀ ਬਾਤ, ਉੱਤੋਂ ਪੈ ਗੀ ਰਾਤ, ਛੱਤਣਾ ਸੀ ਕੋਠਾ ਤੇ ਛੱਤ ‘ਤੀ ਸਵਾਤ,” ਕਹਿਣ ਵਾਂਗ ਮੇਰੀ ਬਾਤ ਵੀ ਅੱਜ ਏਥੇ ਈ ਮੁੱਕਦੀ ਏ।

ਜਨਾਬ ਬਲਜੀਤ ਖ਼ਾਨ ਨੇ ਕਿੰਨਾ ਕੁਝ ਚੇਤੇ ਕਰਾ ਦਿੱਤਾ ਤੇ ਨਾਲ ਹੀ ਸੋਚੀਂ ਪਾ ਦਿੱਤਾ ਕਿ ਏਨੀ ਤੇਜ਼ੀ ‘ਚ ਸਾਡੇ ਸੁਪਨੇ, ਸਾਡੇ ਹੱਕ, ਸਾਡੇ ਸੰਘਰਸ਼ ਕਿੱਧਰ ਜਾਣਗੇ?

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

Leave a Comment

Your email address will not be published.

You may also like

Read More

post-image
News

ਖਾਲਿਸਤਾਨੀ ਸੰਘਰਸ਼ ਦੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਨਮਿੱਤ ਸਿਡਨੀ ’ਚ ਸ਼ਰਧਾਂਜਲੀ ਸਮਾਗਮ ੨੧ ਜੁਲਾਈ ਨੂੰ 

ਸਿਡਨੀ – ਸਰਵਰਿੰਦਰ ਸਿੰਘ ਰੂਮੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸ਼ੀਏਸ਼ਨ ਸਿਡਨੀ ਵੱਲੋਂ ਸਿਡਨੀ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ   ਭਾਈ ਗਜਿੰਦਰ ਸਿੰਘ...
Read More
post-image
News

ਅਕਾਲ ਤਖਤ ਦਾ ਖੁਦਮੁਖਤਿਆਰ ਪੰਥਕ ਨਿਜ਼ਾਮ ਕਾਇਮ ਹੋਵੇ: ਪੰਥ ਸੇਵਕ ਸ਼ਖ਼ਸੀਅਤਾਂ

( 11 ਜੁਲਾਈ): ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ...
Read More
post-image
News

ਪਰਥ ਸ਼ਹਿਰ ਵਿਖੇ ਸਿੱਖ ਬੱਚਿਆਂ ਦਾ ਸਵਾਲ ਜਵਾਬ ਮੁਕਾਬਲਾ

( ਪਰਥ – ੧੪ ਜੁਲਾਈ )ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਉੱਪਰ ਸਵਾਲ ਜਵਾਬ ਮੁਕਾਬਲਾ ਕੈਵਰਸ਼ਨ ਦੇ ਸਵਾਨ ਯਾਦਗਾਰੀ ਹਾਲ ਵਿੱਚ ਕਰਵਾਇਆ...
Read More
post-image
Video

“ਮੈਂ ਤੇ ਕਿਤਾਬ “ ਸਭਾ ਦੇ ਮਹਿਮਾਨ ਜੱਸੀ ਧਾਲੀਵਾਲ ਦੀਆਂ ਮਨਪਸੰਦ ਕਿਤਾਬਾਂ ਬਾਰੇ ਸੰਖੇਪ ਗੱਲਬਾਤ

“ਮੈਂ ਤੇ ਕਿਤਾਬ “ ਸਭਾ ਦੇ ਮਹਿਮਾਨ ਜੱਸੀ ਧਾਲੀਵਾਲ ਦੀਆਂ ਮਨਪਸੰਦ ਕਿਤਾਬਾਂ ਬਾਰੇ ਸੰਖੇਪ ਗੱਲਬਾਤ
Read More