( ਮੈਲਬਰਨ ੧੩ ਅਕਤੂਬਰ ) ਅਕਤੂਬਰ ਮਹੀਨੇ ਮੈਲਬਰਨ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਪੂਰੇ ਸਾਲ ਦੇ ਮੁਕਾਬਲੇ ਜ਼ਿਆਦਾ ਮੀਂਹ ਪੈਂਦਾ ਹੈ , ਪਰ ਇਸ ਵਾਰ ਇਹ ਪਿਛਲੇ ਸਾਲਾਂ ਨਾਲ਼ੋਂ ਵੀ ਵੱਧ ਪਿਆ ਹੈ , ਮੌਸਮ ਮਹਿਕਮੇ ਦਾ ਕਹਿਣਾ ਹੈ ਇਸ ਹਫ਼ਤੇ ਰਹਿੰਦੀ ਕਸਰ ਵੀ ਨਿਕਲ ਜਾਵੇਗੀ ।
ਲੰਘੇ ਹਫ਼ਤੇ ਤਾਪਮਾਨ ੨੫ ਡਿਗਰੀ ਤੱਕ ਚਲਿਆ ਗਿਆ ਸੀ , ਇਸ ਹਫ਼ਤੇ ਮੀਂਹ ਪੈਣ ਕਰਕੇ ਮੌਸਮ ਸੁਹਾਵਣਾ ਰਹੇਗਾ । ਜੇਕਰ ਤੁਸੀਂ ਘਰ ਵਿੱਚ ਬਗ਼ੀਚੀ ਲਾਕੇ ਛੋਟੀ ਬਾਗ਼ਬਾਨੀ ਕਰਦੇ ਹੋ ਤਾਂ ਤੁਹਾਨੂੰ ਇਸ ਹਫ਼ਤੇ ਪਾਣੀ ਦੇਣ ਦੀ ਚਿੰਤਾ ਛੱਡ ਦੇਣੀ ਚਾਹੀਦੀ ਹੈ ।
ਪਿਛਲੇ ਸਮਿਆਂ ਵਿੱਚ ਹਰ ਇੱਕ ਰੁੱਤ ਨੂੰ ਮਾਣਿਆ ਜਾਂਦਿਆਂ ਸੀ, ਪਰ ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਇਹ ਸਭ ਕੁੱਝ ਭੁੱਲ ਗਿਆ ਹੈ , ਜੇਕਰ ਠੰਡ ਲੱਗੇ ਤਾਂ ਅਸੀਂ ਹੀਟਰ ਦੀ ਭਮੀਰੀ ਹੋਰ ੳੇੱਪਰ ਚੱਕ ਦਿੰਦੇ ਹਾਂ ਜੇਕਰ ਥੋੜੀ ਗਰਮੀ ਲੱਗੇ ਤਾਂ ਠੰਡੇ ਪੱਖਿਆਂ ( AC ) ਦੀਆਂ ਭਮੀਰੀਆਂ ਮਰੋੜ ਦਿੰਦੇ ਹਾਂ, ਅਸੀਂ ਆਪਣੇ ਅਰਾਮ ਘੇਰੇ ( Comfort Zone ) ਨੂੰ ਟੁੱਟਣ ਨਹੀਂ ਦੇਣਾ ਚਾਹੁੰਦੇ ਇਹੋ ਅਰਾਮ ਘੇਰਾ ਸਾਨੂੰ ਬੋਝਲ ਬਣਾਕੇ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ । ਖ਼ੈਰ , ਗਰਮੀਆਂ ਮਹੀਨੇ ਜਦੋਂ ਵੀ ਪੰਜਾਬ ਵਿੱਚ ਮੀਂਹ ਪੈਣਾ ਇੱਕ ਤਾਂ ਗਰਮੀ ਤੋਂ ਥੋੜੀ ਰਾਹਤ ਮਹਿਸੂਸ ਹੁੰਦੀ ਸੀ ਦੂਜਾ ਮਾਲ- ਪੂੜਿਆਂ ਜਾਂ ਪਤੌੜਾਂ ( ਪਕੌੜਿਆਂ ) ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ ।
ਰੁੱਤ ਦਾ ਬਦਲਣਾ ਇੱਕ ਨਵਾਂ ਰੰਗ ਆਉਣਾ ਹੁੰਦਾ ਹੈ ਮੌਸਮ ਦੇ ਬਦਲਣ ਦੀ ਜਾਣਕਾਰੀ ਖ਼ਬਰ ਵਾਂਗ ਨਹੀਂ ਇੱਕ ਕਵਿਤਾ ਲੈਣੀ ਚਾਹੀਦੀ ਹੈ , ਇਸਨੂੰ ਮਾਣਨਾ ਚਾਹੀਦਾ ਹੈ । ਉਮੀਦ ਹੈ ਤੁਸੀਂ ਤੁਸੀਂ ਇਹ ਖ਼ਬਰ ਪੜ੍ਹਕੇ ਪੰਜਾਬ ਵਿੱਚ ਮਾਣੇ ਦਿਨਾਂ ਨੂੰ ਜ਼ਰੂਰ ਯਾਦ ਕਰੋਗੇ ਅਤੇ ਇਸ ਹਫ਼ਤੇ ਘਰਾਂ ਵਿੱਚ ਪਕੌੜੇ ਤੇ ਖੀਰ-ਪੂੜੇ ਜ਼ਰੂਰ ਬਣਾਉਗੇ ।।