News

ਜਨ-ਗਣਨਾ ਅਤੇ ਜਾਤ-ਪਾਤ

ਜਾਤ-ਪਾਤ ਮਨੁੱਖ ਦਾ ਬਣਾਇਆ ਹੋਇਆ ਫਿਰਕਾਪ੍ਰਸਤੀ ਅਤੇ ਭੇਦਭਾਵ ਦਾ ਉਹ ਜੰਜਾਲ ਹੈ ਜਿਸਨੇ ਅੰਗਰੇਜ਼ਾਂ ਨੂੰ ਭਾਰਤ ਦੇ ਵੰਡੀਆਂ ਭਰੇ ਸਮਾਜ ਵਿੱਚ ਹੋਰ ਤ੍ਰੇੜਾਂ ਪਾਉਣ ਦਾ ਮੌਕਾ ਪ੍ਰਦਾਨ ਕੀਤਾ ਸੀ। ਫੁੱਟ ਪਾ ਕੇ ਭਾਰਤ ਨੂੰ ਲੰਬਾ ਸਮਾਂ ਗੁਲਾਮ ਬਣਾ ਕੇ ਰੱਖਣਾ ਉਹਨਾਂ ਨੂੰ ਵਾਹਵਾ ਰਾਸ ਆਇਆ ਸੀ। ਜਗੀਰਦਾਰ ਅਤੇ ਜੈਲਦਾਰ ਵਰਗੇ ਖਿਤਾਬ ਬਖਸ਼ ਕੇ ਉਹਨਾਂ ਨੇ ਸਮਾਜ ਵਿੱਚ ਕਈ ਲੀਕਾਂ ਖਿੱਚ ਛੱਡੀਆਂ ਸਨ। ਵਰਨਾ ਪੱਛਮੀ ਵਿਕਸਤ ਮੁਲਕਾਂ ਵਿੱਚ ਕੌਣ ਜਾਤਪਾਤ ਵਰਗੀਆਂ ਵੰਨਗੀਆਂ ਦੀ ਪ੍ਰਵਾਹ ਕਰਦਾ ਹੈ? ਉੱਥੇ ਕੰਮ ਨੂੰ ਪੂਜਾ ਸਮਝਿਆ ਜਾਂਦਾ ਹੈ ਅਤੇ ਕੰਮ ਤੋਂ ਪਰਤਣ ਬਾਦ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਕਿ ਕੌਣ ਕੀ ਕੰਮ ਕਰਦਾ ਹੈ। ਸਮਾਜ ਅਤੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਬਰਾਬਰ ਹੁੰਦੇ ਹਨ। ਇਹੀ ਕਾਰਨ ਹੈ ਕਿ ਉਹ ਦੇਸ਼ ਜਲਦੀ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਲੈਂਦੇ ਹਨ। ਅਤੇ ਅਸੀਂ ਇੱਕੀਵੀਂ ਸਦੀ ਵਿੱਚ ਆ ਕੇ ਵੀ ਅਗੜੇ-ਪਛੜੇ ਤੇ ਜਾਤਾਂ-ਪਾਤਾਂ ਦੀ ਵਰਗ ਵੰਡ ਵਿੱਚ ਫਸੇ ਹੋਏ ਹਾਂ। ਦੁਨੀਆਂ ਚੰਦ ਅਤੇ ਮੰਗਲ ਗ੍ਰਹਿ ਉੱਪਰ ਜਾ ਕੇ ਵਸਣ ਦੀਆਂ ਤਰਕੀਬਾਂ ਲਾ ਰਹੀ ਹੈ ਅਤੇ ਅਸੀਂ ਜਣ-ਗਣਨਾ ਜਾਤੀ ਅਧਾਰ ’ਤੇ ਕਰਨ ਲਈ ਜ਼ੋਰ ਪਾ ਰਹੇ ਹਾਂ। ਸਾਡੇ ਗੁਰੂਆਂ ਪੀਰਾਂ ਨੇ ਜਿਸ ਊਚਨੀਚ, ਛੂਤ-ਛਾਤ ਅਤੇ ਜਾਤ-ਪਾਤ ਦਾ ਡਟ ਕੇ ਵਿਰੋਧ ਕੀਤਾ, ਜਿਸ ਬੀਮਾਰੀ ਤੋਂ ਖਹਿੜਾ ਛਡਾਉਣ ਲਈ ਜੀਵਨ ਲਾ ਦਿੱਤਾ ਅਸੀਂ ਫਿਰ ਉਸੇ ਦਲਦਲ ਵਿੱਚ ਸਮਾਜ ਨੂੰ ਦੁਬਾਰਾ ਧਕੇਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਕਿੱਧਰ ਦਾ ਵਡੱਪਣ ਹੈ? ਸੱਤਾ ਹਾਸਲ ਕਰਨ ਅਤੇ ਕੁਰਸੀ ’ਤੇ ਕਾਬਜ਼ ਰਹਿਣ ਲਈ ਇਹੋ ਜਿਹੇ ਹੋਛੇ ਹਥਿਆਰ ਵਰਤਣਾ ਕਦੇ ਵੀ ਮਨੁੱਖਤਾ ਲਈ ਸਾਜ਼ਗਾਰ ਨਹੀਂ ਹੋ ਸਕਦਾ। ਮੰਨੂ ਸਿਮ੍ਰਤੀ ਨੇ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡਿਆ ਫਿਰ ਕੰਮ ਦੇ ਅਧਾਰ ’ਤੇ ਕਿੱਤਾ-ਵੰਡ ਪੈਦਾ ਹੋਈ ਤੇ ਪਿਤਾ ਪੁਰਖੀ ਕੰਮ-ਕਾਰ ਨੇ ਜਾਤ-ਪਾਤ ਦਾ ਠੱਪਾ ਲਗਾ ਦਿੱਤਾ। ਵਿਗਿਆਨ ਤੇ ਡਾਰਵਿਨ ਦੀ ਥਿਊਰੀ ਵਿਕਾਸ ਦੇ ਅਧਾਰ ਨੂੰ ਮਨੁੱਖ ਦੀ ਹੋਂਦ ਦਾ ਅਧਾਰ ਮੰਨਦੀ ਹੈ। ਧਾਰਮਿਕ ਮਹਾਂਪੁਰਸ਼ 84 ਲੱਖ ਜੋਨੀਆਂ ਦਾ ਹਿਸਾਬ ਦੱਸਦੇ ਹਨ। ਕੋਈ ਵੀ ਸਾਧਨ ਮਨੁੱਖੀ ਉਤਪਤੀ ਲਈ ਮੁੱਢ ਮੰਨ ਲਈਏ, ਜਾਤ-ਪਾਤ ਤਾਂ ਕਿੱਧਰੇ ਵੀ ਨਹੀਂ ਆਉਂਦੀ? ਗੁਰਬਾਣੀ ਵਿੱਚ ਅਕਸਰ ਜ਼ਿਕਰ ਆਉਂਦਾ ਹੈ-ਜੋ ਬਹ੍ਰਿਮੰਡੇ ਸੋਈ ਪਿੰਡੇ। ਅਰਥਾਤ ਇਸ ਬਹ੍ਰਿਮੰਡ ਵਿੱਚ ਜੋ ਸਾਡੀ ਧਰਤੀ ਹੈ ਇਸ ਵਿੱਚ 70% ਪਾਣੀ ਹੈ। ਕੇਵਲ 30% ਧਰਤੀ ਹੈ। ਇਸੇ ਤਰ੍ਹਾਂ ਮਨੁੱਖੀ ਸਰੀਰ ਵਿੱਚ ਵੀ 70% ਪਾਣੀ ਹੀ ਹੈ। ਮਨੁੱਖ ਅਤੇ ਧਰਤੀ ਦੋਵੇਂ ਹੀ ਪਾਣੀ ਤੋਂ ਬਿਨਾਂ ਜ਼ੀਰੋ ਹਨ। ਕੀ ਧਰਤੀ ਦੀ ਕੋਈ ਜਾਤ ਹੈ ਜਾਂ ਫਿਰ ਪਾਣੀ ਦੀ? ਮਨੁੱਖੀ ਖੂਨ ਦਾ ਰੰਗ ਵੀ ਹਰੇਕ ਦਾ ਲਾਲ ਹੀ ਹੁੰਦਾ ਹੈ। ਵਿਗਿਆਨ ਨੇ ਉਸ ਨੂੰ ਗਰੁੱਪਾਂ ਵਿੱਚ ਤਾਂ ਜ਼ਰੂਰ ਵੰਡ ਦਿੱਤਾ ਹੈ ਪਰ ਜਾਤਾਂ ਵਿੱਚ ਨਹੀਂ ਵੰਡਿਆ?

ਜਾਤਾਂ-ਪਾਤਾਂ, ਵਰਗ ਜਾਂ ਊੁਚਨੀਚ ਮਨੁੱਖ ਦੀ ਸੌੜੀ ਸੋਚ, ਸਵਾਰਥ ਅਤੇ ਲਾਲਚ ਦਾ ਨਤੀਜਾ ਹੈ। ਮਨੁੱਖ ਨੇ ਸਮਾਜ ਦਾ ਅਰੰਭ ਛੋਟੇ ਛੋਟੇ ਕਬੀਲਿਆਂ ਤੋਂ ਕੀਤਾ। ਉਹ ਕਬੀਲੇ ਹੀ ਵਧ ਕੇ ਜਾਤ ਅਤੇ ਵਰਗਾਂ ਦਾ ਰੂਪ ਧਾਰ ਗਏ। ਚਲਾਕ ਲੋਕ ਹਾਕਮ ਬਣ ਗਏ। ਉਹਨਾਂ ਨੇ ਆਪਣੇ ਪਿੰਡ, ਸ਼ਹਿਰ ਅਤੇ ਰਿਆਸਤਾਂ ਬਣਾ ਲਈਆਂ। ਲੋਕਾਂ ਕੋਲੋਂ ਕੰਮ ਲੈਣ ਲਈ ਉਹਨਾਂ ਵਿੱਚ ਵੰਡੀਆਂ ਪਾ ਦਿੱਤੀਆਂ ਕਿ ਉਹ ਊਚਨੀਚ ਦੇ ਭੇਦ ਭਾਵ ਵਿੱਚ ਡੱਕੋ ਡੋਲੇ ਖਾਂਦੇ ਰਹਿਣ ਅਤੇ ਕਦੇ ਵੀ ਇਕੱਠੇ ਨਾ ਹੋ ਸਕਣ? ਸਾਡੇ ਪੁਰਖਿਆਂ ਨੇ ਅਜ਼ਾਦੀ ਦੀ ਲੜਾਈ ਸੰਗਠਿਤ ਹੋ ਕੇ ਲੜੀ ਤਾਂ ਹੀ ਸਫਲ ਹੋਏ ਤੇ ਅਸੀਂ ਅਜ਼ਾਦ ਹੋ ਸਕੇ। ਜੇ ਜਾਤਾਂ-ਪਾਤਾਂ ਵਿੱਚ ਹੀ ਉਲਝੇ ਰਹਿੰਦੇ ਕਦੇ ਵੀ ਅਜ਼ਾਦ ਨਾ ਹੁੰਦੇ? ਹਿੰਦੂ, ਮੁਸਲਿਮ, ਸਿੱਖ, ਈਸਾਈ ਜਿੰਨੇ ਵੀ ਧਰਮ ਪ੍ਰਚੱਲਤ ਹਨ ਸਭ ਇੱਕ ਹੀ ਪ੍ਰਮਾਤਮਾ ਦਾ ਸੰਦੇਸ਼ ਦਿੰਦੇ ਹਨ। ਇਹ ਵੀ ਅਸੀਂ ਅਕਸਰ ਕਹਿੰਦੇ ਸੁਣਦੇ ਹਾਂ-ਏਕ ਪਿਤਾ ਏਕਸ ਕੇ ਹਮ ਬਾਰਿਕ। ਫਿਰ ਭਾਈ ਜਾਤ-ਪਾਤ ਦੀਆਂ ਵੰਡੀਆਂ ਕਿੱਥੋਂ ਆ ਗਈਆਂ? ਇਸ ਤੋਂ ਵੀ ਹੋਰ ਅੱਗੇ ਵਧ ਕੇ ਗੁਰਬਾਣੀ ਤਾਂ ਇਹ ਵੀ ਸੰਦੇਸ਼ ਦਿੰਦੀ ਹੈ-ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਸਾਲ 2019 ਦੇ ਅਖੀਰ ਤੋਂ ਮਨੁੱਖਤਾ ਕਰੋਨਾ ਮਹਾਂਮਾਰੀ ਨਾਲ ਦੋ ਚਾਰ ਹੋ ਰਹੀ ਹੈ। ਸਰਕਾਰਾਂ ਤੋਂ ਵੀ ਵਧ ਕੇ ਦਾਨੀ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਮੁਸ਼ਕਲ ਸਮੇਂ ਲੋਕਾਂ ਨੂੰ ਖਾਣਪੀਣ ਦੀਆਂ ਵਸਤਾਂ, ਕੱਪੜੇ ਅਤੇ ਦਵਾਈਆਂ ਮੁਹਈਆ ਕਰਵਾਈਆਂ ਹਨ। ਇੱਥੋਂ ਤਕ ਕਿ ਸਸਕਾਰ ਵਰਗੇ ਕਾਰਜ ਵੀ ਕਈ ਸੰਸਥਾਵਾਂ ਨੇ ਨੇਪਰੇ ਚਾੜ੍ਹੇ। ਕੀ ਉਹਨਾਂ ਨੇ ਕਿਸੇ ਦੀ ਵੀ ਜਾਤ ਪੁੱਛੀ? ਵਿਸ਼ਵ ਪੱਧਰ ’ਤੇ ਇੰਗਲੈਂਡ ਵਸਦੇ ਪੰਜਾਬੀ ਰਵੀ ਸਿੰਘ ਖਾਲਸਾ ਦੀ ਸੰਸਥਾ ਵਿਸ਼ਵ ਵਿੱਚ ਕਿੱਧਰੇ ਵੀ ਯੁੱਧ, ਹੜ੍ਹ, ਭੁੱਖਮਰੀ ਜਾਂ ਕੋਈ ਵੀ ਮੁਸ਼ਕਲ ਆਵੇ ਖਾਲਸਾ ਏਡ ਸੰਸਥਾ ਦੇ ਕਾਰਕੁਨ ਝੱਟ ਉੱਥੇ ਮਦਦ ਲੈ ਕੇ ਪਹੁੰਚ ਜਾਂਦੇ ਹਨ। ਮਨੁੱਖਤਾ ਅਤੇ ਇਨਸਾਨੀਅਤ ਉਹਨਾਂ ਦਾ ਪਰਮ ਧਰਮ ਹੈ ਨਾ ਕਿ ਕੋਈ ਜਾਤ-ਪਾਤ। ਕੋਵਿਡ ਵਿੱਚ ਵੀ ਅਤੇ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਵਿੱਚ ਵੀ ਇਸ ਸੰਸਥਾ ਦਾ ਅਹਿਮ ਯੋਗਦਾਨ ਰਿਹਾ ਹੈ। ਅਜਿਹੇ ਲੋਕ ਪ੍ਰਮਾਤਮਾ ਦੇ ਦੂਤ ਹੁੰਦੇ ਹਨ ਜੋ ਮਨੁੱਖਤਾ ਦੀ ਭਲਾਈ ਲਈ ਦ੍ਰਿੜ੍ਹ ਸੰਕਲਪ ਰਹਿੰਦੇ ਹਨ। ਜਾਤ-ਪਾਤ ਜਾਂ ਊਚ-ਨੀਚ ਦੇ ਝੰਜਟ ਵਿੱਚ ਨਹੀਂ ਫਸਦੇ।

ਅੱਜ ਦੇ ਸਮੇਂ ਦੌਰਾਨ ਮਨੁੱਖ ਦੀਆਂ ਮੁੱਖ ਲੋੜਾਂ ਕੀ ਹਨ? ਵਿੱਦਿਆ ਤੇ ਸਿਹਤ ਸਭ ਤੋਂ ਮੁੱਖ ਲੋੜ ਹੈ। ਅੱਜ ਕੱਲ੍ਹ ਲੋਕਰਾਜ ਦੌਰਾਨ ਕਲਿਆਣਕਾਰੀ ਸਰਕਾਰਾਂ ਦਾ ਦੌਰ ਹੈ। ਲੋਕ ਆਪਣੀਆਂ ਵੋਟਾਂ ਰਾਹੀਂ ਆਪਣੀਆਂ ਸਰਕਾਰਾਂ ਚੁਣਦੇ ਹਨ। ਸਰਕਾਰਾਂ ਦੀ ਮੁੱਖ ਪਹਿਲ ਵੀ ਸੌ ਫੀ ਸਦੀ ਸਿੱਖਿਆ ਦਾ ਪਸਾਰ ਕਰਨਾ ਅਤੇ ਹਰ ਨਾਗਰਿਕ ਦੀ ਪਹੁੰਚ ਤਕ ਸੁੱਧਰੀਆਂ ਅਤੇ ਸੁਲਝੀਆਂ ਹੋਈਆਂ ਸਿਹਤ ਸੇਵਾਵਾਂ ਪੁਚਾਣਾ ਹੈ। ਕਰੋਨਾ ਕਾਲ ਦੌਰਾਨ ਕਿਵੇਂ ਹਾਹਾਕਾਰ ਮਚੀ ਸੀ। ਲੋਕਾਂ ਨੂੰ ਹਸਪਤਾਲਾਂ ਵਿੱਚ ਬਿਸਤਰ ਨਹੀਂ ਸਨ ਮਿਲਦੇ। ਆਕਸੀਜਨ ਗੈਸ ਦੀ ਕਮੀ ਕਾਰਨ ਕਈ ਮੌਤਾਂ ਹੋ ਗਈਆਂ। ਇਹ ਸਾਜ਼ੋ ਸਾਮਾਨ ਮੁਹਈਆ ਕਰਵਾਉਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਨਾ ਕਿ ਭਾਂਡੇ ਖੜਕਾ ਕੇ ਅਤੇ ਦੀਵੇ ਜਗਾ ਕੇ ਬਚਾ ਕਰਨਾ। ਸਾਡੀਆਂ ਰਾਜਨੀਤਕ ਪਾਰਟੀਆਂ ਕਦੇ ਬਿਜਲੀ ਮੁਫਤ ਦੀ ਰਟ ਲਾਉਣ ਲੱਗ ਪੈਂਦੀਆਂ ਹਨ ਅਤੇ ਕਦੇ ਪਾਣੀ ਮੁਫਤ ਦੀ। ਕਦੇ ਆਟਾ ਮੁਫਤ ਤੇ ਕਦੇ ਦਾਲ ਮੁਫਤ। ਕਦੇ ਸ਼ਗਨ ਸਕੀਮ ਲੈ ਆਂਦੀ ਤੇ ਕਦੇ ਸਾਈਕਲ ਤੇ ਮੋਬਾਇਲ। ਕਦੇ ਔਰਤਾਂ ਲਈ ਮੁਫਤ ਸਫਰ ਅਤੇ ਕਦੇ ਕਰਜ਼ੇ ਮੁਆਫੀ ਦੇ ਲਾਲਚ। ਇਹ ਸਭ ਕੁਝ ਵੋਟਾਂ ਬਟੋਰਨ ਲਈ ਕੀਤਾ ਜਾਂਦਾ ਹੈ ਨਾ ਕਿ ਸਮਾਜ ਦਾ ਸੁਧਾਰ ਕਰਨ ਲਈ। ਇੱਕ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਕਿ ਇਸ ਸੰਸਾਰ ਵਿੱਚ ਕਿਸੇ ਨੂੰ ਵੀ ਕੁਝ ਮੁਫਤ ਨਹੀਂ ਮਿਲਦਾ। ਪੈਟਰੋਲ ਅਤੇ ਡੀਜ਼ਲ ਦੇ ਰੇਟ ਅਸਮਾਨੇ ਜਾ ਚੜ੍ਹੇ ਹਨ। ਸਰਕਾਰਾਂ ਕਹਿੰਦੀਆਂ ਹਨ ਕਿ ਦੇਸ਼ ਦੇ 80 ਕਰੋੜ ਲੋਕਾਂ ਨੂੰ ਜੋ ਸਸਤਾ ਰਾਸ਼ਨ ਦਿੱਤਾ ਜਾਂਦਾ ਹੈ ਉਸਦਾ ਖਰਚਾ ਤੇਲ ਦੀਆਂ ਵੱਧ ਕੀਮਤਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ। ਇਹ ਕਾਹਦੀ ਸਹੂਲਤ ਹੋਈ ਜੋ ਲੋਕਾਂ ਦਾ ਖੂਨ ਨਿਚੋੜ ਕੇ ਦਿੱਤੀ ਜਾ ਰਹੀ ਹੈ। ਸਹੂਲਤ ਤਾਂ ਉਹ ਹੁੰਦੀ ਹੈ ਜਿਹੜੀ ਦੇਸ਼ ਦੇ ਸਰਪਲੱਸ ਬਜਟ ਵਿੱਚੋਂ ਮੁਹਈਆ ਕਰਵਾਈ ਜਾਵੇ। ਕਲਿਆਣਕਾਰੀ ਸਰਕਾਰਾਂ ਆਪ ਬਹੁਤ ਘੱਟ ਸਹੂਲਤਾਂ ਮਾਣਦੀਆਂ ਹਨ ਤੇ ਨਾਗਰਿਕਾਂ ਨੂੰ ਵਧੇਰੇ ਪ੍ਰਦਾਨ ਕਰਦੀਆਂ ਹਨ। ਪਰ ਸਾਡੀਆਂ ਸਰਕਾਰਾਂ ਦੇ ਪ੍ਰਤੀਨਿਧ ਤਾਂ ਆਪ ਐਸ਼ ਕਰਦੇ ਹਨ ਲੋਕ ਜਿਵੇਂ ਮਰਜ਼ੀ ਤਰਲੇ ਲੈਂਦੇ ਰਹਿਣ। ਰੋਜ਼ਗਾਰ ਦੇ ਸਾਧਨ ਸਰਕਾਰ ਨੇ ਪੈਦਾ ਕਰਨੇ ਹੁੰਦੇ ਹਨ ਪਰ ਸਾਡੇ ਇੱਥੇ ਤਾਂ ਸਰਕਾਰ ਨਾ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਵਿੱਚ ਸਫਲ ਹੋਈ ਹੈ ਤੇ ਨਾ ਹੀ ਬੇਰੋਜ਼ਗਾਰਾਂ ਨੂੰ ਕੋਈ ਰਾਹਤ ਦੇਣ ਬਾਰੇ। ਮਜਬੂਰੀ ਵਿੱਚ ਨੌਜਵਾਨ ਤਬਕਾ ਪੜਾ੍ਹਈ ਨੂੰ ਅਧਾਰ ਬਣਾ ਕੇ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਹੈ। ਸਰਕਾਰਾਂ ਦੇ ਪ੍ਰਤੀਨਿੱਧਾਂ ਦੀਆਂ ਪੈਨਸ਼ਨਾਂ ਤੇ ਸਹੂਲਤਾਂ ਤਾਂ ਮਹਿਫੂਜ਼ ਹਨ ਪਰ ਨਾਗਰਿਕਾਂ ਨੂੰ ਰੋਜ਼ਗਾਰ ਵੀ ਠੇਕੇ ਤੇ ਮਾਮੂਲੀ ਤਨਖਾਹਾਂ ਉੱਪਰ ਦਿੱਤਾ ਜਾ ਰਿਹਾ ਹੈ ਤੇ ਪੈਨਸ਼ਨ ਦੀ ਸਹੂਲਤ ਵੀ 2004 ਤੋਂ ਹੀ ਖੋਹ ਲਈ ਗਈ ਹੈ। ਹੁਣ ਸਰਕਾਰ ਨੇ ਦੇਸ਼ ਦੇ ਪਛੜੇ ਵਰਗ ਦੇ ਲੋਕਾਂ ਲਈ ਮੰਡਲ ਕਮਿਸ਼ਨ ਵਾਲਾ 27% ਰਾਖਵਾਂਕਰਣ ਨੀਟ ਆਦਿ ਪ੍ਰੀਖਿਆਵਾਂ ’ਤੇ ਵੀ ਲਾਗੂ ਕਰ ਦਿੱਤਾ ਹੈ ਪਰ ਜਦੋਂ ਨੌਕਰੀਆਂ ਦੇ ਮੌਕੇ ਪੈਦਾ ਹੀ ਨਹੀਂ ਕਰਨੇ ਤੇ ਸਰਕਾਰੀ ਅਦਾਰਿਆਂ ਦਾ ਧੜਾਧੜ ਨਿੱਜੀਕਰਣ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਲੋਕਾਂ ਨੂੰ ਇਹ ਸਹੂਲਤ ਕਿਵੇਂ ਮਿਲੇਗੀ?

ਵਿਭਿੰਨਤਾ ਵਿੱਚ ਏਕਤਾ ਸਾਡੇ ਭਾਰਤ ਦੇਸ਼ ਦੀ ਮੁੱਖ ਵਿਸ਼ੇਸ਼ਤਾ ਹੈ। ਭਾਈਚਾਰਕ ਏਕਤਾ ਕਾਇਮ ਕਰਨ ਲਈ ਸਮਾਜ ਨੂੰ ਸੰਗਠਿਤ ਕਰਨ ਦੀ ਲੋੜ ਹੁੰਦੀ ਹੈ ਨਾ ਕਿ ਵੰਡੀਆਂ ਦੀਆਂ ਲੀਕਾਂ ਪੱਕੀਆਂ ਕਰਨ ਦੀ। ਗੁਰੂ ਗੋਬਿੰਦ ਸਿੰਘ ਜੀ ਨੇ ਦੱਬੇ ਕੁਚਲੇ ਸਮਾਜ ਵਿੱਚ ਨਵੀਂ ਰੂਹ ਫੂਕਣ ਲਈ 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜਾਤ-ਪਾਤ ਅਤੇ ਊਚ-ਨੀਚ ਦਾ ਵਿਤਕਰਾ ਖਤਮ ਕਰਨ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਉਹਨਾਂ ਦਾ ਮੁੱਖ ਉਦੇਸ਼ ਸਮਾਜ ਵਿੱਚੋਂ ਵੰਡੀਆਂ ਖਤਮ ਕਰਕੇ ਏਕਤਾ ਪੈਦਾ ਕਰਨਾ ਸੀ। ਇੰਨਾ ਲੰਬਾ ਅਰਸਾ ਬੀਤ ਜਾਣ ਉਪਰੰਤ ਵੀ ਅਜੇ ਤਕ ਜਾਤ-ਪਾਤ ਦਾ ਭੂਤ ਜਿੰਦਾ ਰੱਖਿਆ ਜਾ ਰਿਹਾ ਹੈ। ਰਾਜਨੀਤਕ ਲੋਕਾਂ ਨੂੰ ਕੇਵਲ ਆਪਣਾ ਉੱਲੂ ਸਿੱਧਾ ਕਰਨਾ ਅਤੇ ਵੋਟਾਂ ਪੱਕੀਆਂ ਕਰਨ ਲਈ ਕੋਝੇ ਹੱਥਕੰਡੇ ਨਹੀਂ ਵਰਤਣੇ ਚਾਹੀਦੇ। ਸਗੋਂ ਜਾਤ-ਪਾਤ ਅਤੇ ਊਚ-ਨੀਚ ਦਾ ਭੇਦਭਾਵ ਖਤਮ ਕਰਕੇ ਪੱਛਮੀ ਦੇਸ਼ਾਂ ਵਰਗਾ ਪੜ੍ਹਿਆ ਲਿਖਿਆ ਤੇ ਸੁਲਝਿਆ ਸਮਾਜ ਸਿਰਜਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਅਤੇ ਬਿਹਾਰ ਵਰਗੇ ਪ੍ਰਾਂਤਾਂ ਵਿੱਚੋਂ ਅਜੇ ਵੀ ਛੂਤ-ਛਾਤ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਲੋੜ ਹੈ ਇਸ ਵਿਤਕਰੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ। ਪੰਜਾਬ ਵਿੱਚ ਵੀ ਹਾਲੇ ਵੱਖ ਵੱਖ ਧਰਮਾਂ ਦੇ ਵੱਖ ਵੱਖ ਗੁਰਦਵਾਰੇ ਪ੍ਰਚੱਲਤ ਹਨ। ਸ਼ਮਸ਼ਾਨ ਘਾਟ ਵੱਖ ਵੱਖ ਹਨ। ਇਹ ਸਭ ਇਨਸਾਨੀਅਤ ਨੂੰ ਰਾਸ ਨਹੀਂ ਆਉਂਦਾ। ਮੰਦਰਾਂ ਵਿੱਚ ਜਾਣ ਦੀ ਮਨਾਹੀ ਅਜੇ ਵੀ ਪੱਥਰ ਯੁਗ ਵਰਗੇ ਸਮੇਂ ਦੀ ਯਾਦ ਦਿਵਾਉਂਦੀ ਹੈ। ਪਲੱਸ ਟੂ ਤਕ ਸਭ ਲਈ ਜ਼ਰੂਰੀ ਅਤੇ ਮੁਫਤ ਜਾਂ ਸਸਤੀ ਅਤੇ ਵਧੀਆ ਸਿੱਖਿਆ ਅਤੇ ਯੋਗ ਸਿਹਤ ਸਹੂਲਤਾਂ ਨੂੰ ਪ੍ਰਾਥਮਿਕਤਾ ਦੇਣਾ ਸਮੇਂ ਦੀ ਮੁੱਖ ਲੋੜ ਹੈ ਨਾ ਕਿ ਜਾਤਾਂ ਪਾਤਾਂ ਨੂੰ ਮੁੜ ਹਲੂਣਾ ਦੇ ਕੇ ਵੰਡੀਆਂ ਪੈਦਾ ਕਰਨ ਦੀ।

Leave a Comment

Your email address will not be published.

You may also like

Read More

post-image
News

ਖਾਲਿਸਤਾਨੀ ਸੰਘਰਸ਼ ਦੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਨਮਿੱਤ ਸਿਡਨੀ ’ਚ ਸ਼ਰਧਾਂਜਲੀ ਸਮਾਗਮ ੨੧ ਜੁਲਾਈ ਨੂੰ 

ਸਿਡਨੀ – ਸਰਵਰਿੰਦਰ ਸਿੰਘ ਰੂਮੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸ਼ੀਏਸ਼ਨ ਸਿਡਨੀ ਵੱਲੋਂ ਸਿਡਨੀ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ   ਭਾਈ ਗਜਿੰਦਰ ਸਿੰਘ...
Read More
post-image
News

ਅਕਾਲ ਤਖਤ ਦਾ ਖੁਦਮੁਖਤਿਆਰ ਪੰਥਕ ਨਿਜ਼ਾਮ ਕਾਇਮ ਹੋਵੇ: ਪੰਥ ਸੇਵਕ ਸ਼ਖ਼ਸੀਅਤਾਂ

( 11 ਜੁਲਾਈ): ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ...
Read More
post-image
News

ਪਰਥ ਸ਼ਹਿਰ ਵਿਖੇ ਸਿੱਖ ਬੱਚਿਆਂ ਦਾ ਸਵਾਲ ਜਵਾਬ ਮੁਕਾਬਲਾ

( ਪਰਥ – ੧੪ ਜੁਲਾਈ )ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਉੱਪਰ ਸਵਾਲ ਜਵਾਬ ਮੁਕਾਬਲਾ ਕੈਵਰਸ਼ਨ ਦੇ ਸਵਾਨ ਯਾਦਗਾਰੀ ਹਾਲ ਵਿੱਚ ਕਰਵਾਇਆ...
Read More
post-image
Video

“ਮੈਂ ਤੇ ਕਿਤਾਬ “ ਸਭਾ ਦੇ ਮਹਿਮਾਨ ਜੱਸੀ ਧਾਲੀਵਾਲ ਦੀਆਂ ਮਨਪਸੰਦ ਕਿਤਾਬਾਂ ਬਾਰੇ ਸੰਖੇਪ ਗੱਲਬਾਤ

“ਮੈਂ ਤੇ ਕਿਤਾਬ “ ਸਭਾ ਦੇ ਮਹਿਮਾਨ ਜੱਸੀ ਧਾਲੀਵਾਲ ਦੀਆਂ ਮਨਪਸੰਦ ਕਿਤਾਬਾਂ ਬਾਰੇ ਸੰਖੇਪ ਗੱਲਬਾਤ
Read More