Article

ਸਿੱਖਾਂ ਵਿਰੁਧ ਜਾਅਲੀ ਖਾਤਿਆਂ ਰਾਹੀਂ ਨਫਰਤ ਦਾ ਜਾਲ: ਕੀ ਇੰਡੀਆ ਨੇ ਖਤਰਨਾਕ ‘ਸੋਮੀਕਹ’ ਤੰਤਰ ਬਣਾ ਲਿਆ ਹੈ?

SHARE THIS POST?

FacebookTwitterPinterestAudio Player00:0000:00Use Up/Down Arrow keys to increase or decrease volume.

ਬੀਤੇ ਦਿਨੀਂ ਬਰਤਾਨੀਆਂ ਦੇ ਕੌਮਾਂਤਰੀ ਖਬਰ ਅਦਾਰੇ ਬੀ.ਬੀ.ਸੀ. ਵੱਲੋਂ ਇਕ ਖਬਰ ਨਸ਼ਰ ਕੀਤੀ ਗਈ ਕਿ ਬਿਜਲ ਸੱਥ ਦੇ ਜਾਅਲੀ ਖਾਤਿਆਂ ਦਾ ਇਕ ਅਜਿਹਾ ਤਾਣਾ-ਪੇਟਾ (ਨੈਟਵਰਕ) ਸਾਹਮਣੇ ਆਇਆ ਹੈ ਜਿਸ ਵੱਲੋਂ ਕਿਰਸਾਨੀ ਸੰਘਰਸ਼ ਦੌਰਾਨ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਸੀ। ਬੀ.ਬੀ.ਸੀ. ਨੇ ਇਹ ਖਬਰ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਨਾਮੀ ਸੰਸਥਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਕ ਲੇਖੇ ਦੇ ਅਧਾਰ ਉੱਤੇ ਨਸ਼ਰ ਕੀਤੀ ਸੀ, ਜਿਸ ਲੇਖੇ ਦੀ ਨਕਲ ਬੀ.ਬੀ.ਸੀ. ਦੇ ਕਹੇ ਮੁਤਾਬਿਕ ਵਾਹਿਦ ਤੌਰ ਉੱਤੇ ਇਸ ਖਬਰ ਅਦਾਰੇ ਨਾਲ ਜਨਤਕ ਕਰਨ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ। ਹੁਣ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਦਾ ਪੂਰਾ ਲੇਖਾ ਵੀ ਜਨਤਕ ਕਰ ਦਿੱਤਾ ਗਿਆ ਹੈ।

ਇਸ ਲੇਖੇ ਤੋਂ ਜੋ ਮੁੱਖ ਗੱਲਾਂ ਸਾਹਮਣੇ ਆਈਆਂ ਹਨ ਉਹ ਇਹ ਹਨ ਕਿ:

 •    ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਨੇ 80 ਅਜਿਹੇ ਬਿਜਲ-ਸੱਥ ਖਾਤਿਆਂ ਦੀ ਸ਼ਨਾਖਤ ਕੀਤੀ ਹੈ ਜੋ ਕਿ ਸਿੱਖਾਂ ਦੇ ਨਾਵਾਂ ਉੱਤੇ ਬਣਾਏ ਗਏ ਜਾਅਲੀ ਖਾਤੇ ਹਨ।
 •    ਇਹ ਖਾਤੇ ਬਿਜਲ-ਸੱਥ ਦੇ ਵੱਖ-ਵੱਖ ਮੰਚਾਂ, ਜਿਵੇਂ ਕਿ ‘ਟਵਿੱਟਰ’, ‘ਫੇਸਬੁੱਕ’, ‘ਇੰਸਟਾਗਰਾਮ’ ਆਦਿ ਉੱਤੇ ਬਣਾਏ ਗਏ ਹਨ।
 •    ਇਹਨਾ ਖਾਤਿਆਂ ਵਿਚੋਂ ਬਹੁਤ ਸਾਰੇ ਸਿੱਖ ਬੀਬੀਆਂ ਦੇ ਨਾਵਾਂ ਉੱਤੇ ਬਣਾਏ ਹੋਏ ਹਨ ਜਿਹਨਾਂ ਉੱਤੇ ਚਰਚਤ ਪੰਜਾਬੀ ਗਾਇਕਾਵਾਂ ਅਤੇ ਅਦਾਕਾਰਾਵਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।
ਲੇਖੇ ਵਿਚ ਸਿੱਖਾਂ ਵਿਰੁਧ ਨਫਰਤ ਫੈਲਾਉਣ ਵਾਲੇ ਦੋ ਜਾਅਲੀ ਖਾਤੇ ਜਿਹਨਾਂ ਦੀ ਸ਼ਨਾਖਤ ਲੇਖੇ ਵਿਚ ਕੀਤੀ ਗਈ ਹੈ।
 • ਇਹਨਾ ਵਿਚੋਂ ਕਈ ਖਾਤੇ ਵੱਖ-ਵੱਖ ਮੰਚਾਂ ਉੱਤੇ ਚਲਾਏ ਜਾ ਰਹੇ ਹਨ ਅਤੇ ਸਾਰਿਆਂ ਉੱਤੇ ਇਕੋ ਜਿਹੀ ਤਸਵੀਰ ਅਤੇ ਆਪੇ ਬਾਰੇ ਜਾਣਕਾਰੀ (ਬਾਇਓ ਇਨਫੋ) ਨਸ਼ਰ ਕੀਤੀ ਹੋਈ ਹੈ।
 •    ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਦੀ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖਾਤੇ ਕਿਸੇ ਬਿਜਲਈ ਮੰਤਰ (ਕੰਪਿਊਟਰ ਪ੍ਰੋਗਰਾਮ/ਸਕਰਿਪਟ ਜਾਂ ‘ਬੋਟ’) ਰਾਹੀਂ ਆਪਣੇ ਆਪ ਨਹੀਂ ਸੀ ਚੱਲ ਰਹੇ ਬਲਕਿ ਇਹਨਾਂ ਖਾਤਿਆਂ ਨੂੰ ਮਨੁੱਖਾਂ ਵੱਲੋਂ ਚਲਾਇਆ ਜਾ ਰਿਹਾ ਹੈ।
ਇਹ ਤਸਵੀਰ ਮਹਿਜ਼ ਪ੍ਰਤੀਕ ਵਜੋਂ ਛਾਪੀ ਗਈ ਹੈ।
 • ਇਹਨਾ ਖਾਤਿਆਂ ਰਾਹੀਂ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਹੈ।
 • ਇਹ ਖਾਤੇ ਕਿਰਸਾਨੀ ਸੰਘਰਸ਼ ਅਤੇ ਸਿੱਖਾਂ ਦੇ ਵਿਰੁਧ ਪ੍ਰਚਾਰ ਮੁਹਿੰਮ ਵਿੱਢਦੇ ਹਨ ਅਤੇ ਸੰਗਠਤ ਰੂਪ ਵਿਚ ਸਿੱਖਾਂ ਵਿਰੁਧ ਬਿਰਤਾਂਤ ਘੜ੍ਹਨ ਦੀ ਮੁਹਿੰਮ ਚਲਾਉਂਦੇ ਹਨ।
ਸਿੱਖਾਂ ਵਿਰੁਧ ਨਫਰਤ ਫੈਲਾਉਣ ਵਾਲੇ ਜਾਅਲੀ ਖਾਤਿਆਂ ਦੇ ਅਸਰ ਦੀ ਲੇਖੇ ਵਿਚ ਕੀਤੀ ਗਈ ਸ਼੍ਰੇਣੀਵੰਡ ਦੀ ਇਕ ਝਲਕ
 • ਬਿਜਲ ਸੱਥ ਦੇ ਕਈ ਤਸਦੀਕਸ਼ੁਦਾ ਖਾਤਿਆਂ (ਵੈਰੀਫਾਈਡ ਅਕਾਉਂਟਸ), ਜਿਹਨਾਂ ਦੀ ਪਹੁੰਚ ਲੱਖਾਂ ਲੋਕਾਂ ਤੱਕ ਹੁੰਦੀ ਹੈ, ਵੱਲੋਂ ਇਹਨਾਂ ਜਾਅਲੀ ਖਾਤਿਆਂ ਉੱਤੇ ਨਸ਼ਰ ਹੁੰਦੀ ਜਾਣਕਾਰੀ ਦੀ ਪ੍ਰੋੜਤਾ ਕਰਕੇ ਇਸ ਨੂੰ ਅਗਾਹ ਫੈਲਾਇਆ ਜਾ ਰਿਹਾ ਹੈ।
 • ਇਹਨਾ ਜਾਅਲੀ ਖਾਤਿਆਂ ਵੱਲੋਂ ਸਿੱਖਾਂ ਨੂੰ ਨਫਰਤ ਦਾ ਨਿਸ਼ਾਨਾ ਬਣਾਉਣ ਲੱਗਿਆਂ ਉਹਨਾਂ (ਸਿੱਖਾਂ) ਨੂੰ ‘ਨਕਲੀ ਸਿੱਖ’ ਗਰਦਾਨਿਆ ਜਾ ਰਿਹਾ ਹੈ; ਜਦਕਿ ਇਹ ਜਾਅਲੀ ਖਾਤੇ ਖੁਦ ਨੂੰ ‘ਅਸਲੀ ਸਿੱਖ’ ਦੱਸਦੇ ਹਨ।
 • ਇਹਨਾ ਜਾਅਲੀ ਖਾਤਿਆਂ ਦੇ ਅਸਰ ਦਾ ਦਾਇਰਾ ਵਿਆਪਕ ਹੈ ਅਤੇ ਇਹਨਾਂ ਵੱਲੋਂ ਫੈਲਾਈ ਜਾ ਰਹੀ ਗੱਲ ਦੀ ਪਹੁੰਚ ਲੱਖਾਂ ਲੋਕਾਂ ਤੱਕ ਹੋ ਜਾਂਦੀ ਹੈ।
 • ਕਈ ਤਸਦੀਕਸ਼ੁਦਾ ਖਾਤਿਆਂ ਵਾਲੀਆਂ ‘ਹਸਤੀਆਂ’ ਇਹਨਾ ਜਾਅਲੀ ਖਾਤਿਆਂ ਵੱਲੋਂ ਸਿਰਜੇ ਜਾਂਦੇ ਸਿੱਖ ਵਿਰੋਧੀ ਬਿਰਤਾਂਤ ਨੂੰ ਫੈਲਾਉਣ (ਵਾਈਰਲ) ਕਰਨ ਵਿਚ ਮਦਦ ਕਰਦੇ ਹਨ (ਪਰ ਖਬਰ ਅਦਾਰੇ ਬੀ.ਬੀ.ਸੀ. ਵਲੋਂ ਸਵਾਲ ਇਸ ਬਾਰੇ ਕਰਨ ਉੱਤੇ ਇਹਨਾ ਤਸਦੀਕਸ਼ੁਦਾ ਖਾਤਿਆਂ ਵਾਲੀਆਂ ਹਸਤੀਆਂ ਸਾਫ ਜਵਾਬ ਦੇਣ ਤੋਂ ਟਾਲਾ ਵੱਟ ਗਈਆਂ)।
 • ਕਈ ਖਬਰ ਅਦਾਰਿਆਂ ਵੱਲੋਂ ਨਸ਼ਰ ਖਬਰਾਂ ਵਿਚ ਇਹਨਾ ਜਾਅਲੀ ਖਾਤਿਆਂ ਵੱਲੋਂ ਸਿਰਜੇ ਜਾਂਦੇ ਬਿਰਤਾਂਤ ਦਾ ਹਵਾਲਾ ਦਿੱਤਾ ਜਾਂਦਾ ਹੈ ਅਤੇ ਇਹਨਾ ਵੱਲੋਂ ਕੀਤੀਆਂ ਗਈਆਂ ‘ਟਵੀਟਾਂ’ ਕਈ ਖਬਰ ਅਦਾਰਿਆਂ ਦੀ ਖਬਰਾਂ ਵਿਚ ਨੱਥੀ (ਅਮਬੈਡ) ਕੀਤੀਆਂ ਮਿਲਦੀਆਂ ਹਨ।

ਇਹ ਚੋਣਵੇਂ ਨੁਕਤੇ ਇਸ ਵਰਤਾਰੇ ਦੇ ਯੋਜਨਾਬੱਧ ਤੇ ਸੰਗਠਤ ਹੋਣ ਦੀ ਦੱਸ ਤਾਂ ਪਾਉਂਦੇ ਹੀ ਹਨ, ਨਾਲ ਹੀ ਇਸ ਤੋਂ ਇਹ ਹੱਲੇ ਦੀ ਵਿਆਪਕਤਾ ਅਤੇ ਅਸਰ-ਅੰਦਾਜ਼ੀ ਦਾ ਵੀ ਪਤਾ ਲੱਗ ਜਾਂਦਾ ਹੈ। ਬੀ.ਬੀ.ਸੀ. ਦੀ ਖਬਰ ਮੁਤਾਬਿਕ ਇੰਡੀਆ ਦੀ ਸਰਕਾਰ ਨੇ ਇਹਨਾ ਖੁਲਾਸਿਆਂ ਬਾਰੇ ਪੁੱਛੇ ਗਏ ਸਵਾਲ ਦਾ ਖਬਰ ਨਸ਼ਰ ਕਰਨ ਤੱਕ ਕੋਈ ਜਵਾਬ ਨਹੀਂ ਸੀ ਦਿੱਤਾ। ਬੀ.ਬੀ.ਸੀ. ਅਨੁਸਾਰ ਇਹਨਾਂ ਖਾਤਿਆਂ ਨੂੰ ਸਿੱਧੇ ਤੌਰ ਉੱਤੇ ਇੰਡੀਆ ਦੀ ਸਰਕਾਰ ਦੀਆਂ ਹਿਦਾਇਤਾਂ ਉੱਤੇ ਚਾਲਏ ਜਾਣ ਦਾ ਸਬੂਤ ਹਾਲੀ ਤੱਕ ਸਾਹਮਣੇ ਨਹੀਂ ਆਇਆ। ਪਰ ਖੋਜਕਰਤਾ ਅਦਾਰੇ ਦੇ ਨਿਰਦੇਸ਼ਕ ਅਤੇ ਖੁਲਾਸਾ ਕਰਨ ਵਾਲੇ ਲੇਖੇ ਦੇ ਖੋਜਕਰਤਾ ਬੈਨਜਾਮਿਨ ਸਟਰਿਕ ਨੇ ਸਾਫ ਕਿਹਾ ਹੈ ਕਿ ਇਹ ਖਾਤੇ ਜਿੱਥੇ ਸਿੱਖਾਂ ਅਤੇ ਸਿੱਖਾਂ ਦੇ ਸਿਆਸੀ ਸਰੋਕਾਰਾਂ ਨੂੰ ਬਦਨਾਮ ਕਰ ਰਹੇ ਹਨ ਓਥੇ ਇੰਡੀਆ ਦੀ ਸਰਕਾਰ ਤੇ ਇਸ ਦੇ ਨਜ਼ਰੀਏ ਨੂੰ ਉਤਸ਼ਾਹਿਤ ਕਰਦੇ ਅਤੇ ਫੈਲਾਉਂਦੇ ਹਨ।

ਬੈਨਜਾਮਿਨ ਸਟਰਿਕ

ਨਿਰਦੇਸ਼ਕ, ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਅੰਸ

“ਸਾਡੀ ਖੋਜ ਦਰਸਾਉਂਦੀ ਹੈ ਕਿ ਇਹ ਕਾਰਵਾਈਆਂ ਸਿੱਖਾਂ ਦੀ ਅਜ਼ਾਦੀ ਦੇ ਯਤਨਾਂ ਬਾਰੇ ਗਲਤ ਧਾਰਨਾਵਾਂ ਸਿਰਜਣ, ਸਿੱਖਾਂ ਨੂੰ ਬਦਨਾਮ ਕਰਨ, ਸਿੱਖਾਂ ਦੇ ਸਿਆਸੀ ਹਿੱਤਾਂ ਨੂੰ ‘ਅਤਿਵਾਦੀ’ ਬਿਰਤੀ ਗਰਦਾਨਣ, ਇੰਡੀਆ ਅਤੇ ਕੌਮਾਂਤਰੀ ਭਾਈਚਾਰੇ ਵਿਚ ਸੱਭਿਆਚਾਰਕ ਤਣਾਅ ਪੈਦਾ ਕਰਨ ਅਤੇ ਇੰਡੀਆ ਦੀ ਸਰਕਾਰ ਦੀ ਸਮੱਗਰੀ/ਨਜ਼ਰੀਏ ਨੂੰ ਫੈਲਾਉਣ ਦੀ ਇਕ ਸੰਗਠਤ ਕੋਸ਼ਿਸ਼ ਹਨ”।

ਖੋਜਕਰਤਾ ਅਦਾਰੇ ਦੇ ਸਹਿ-ਸੰਸਥਾਪਕ ਅਤੇ ਕਾਰਜੀ ਨਿਰਦੇਸ਼ਨ ਐਡਮ ਰੁਟਲੈਂਡ ਦਾ ਕਥਨ ਵੀ ਖਾਸ ਧਿਆਨ ਦੇਣ ਵਾਲਾ ਹੈ।

ਐਡਮ ਰੁਟਲੈਂਡ

ਸਹਿ-ਸੰਸਥਾਪਕ ਅਤੇ ਕਾਰਜੀ ਨਿਰਦੇਸ਼ਕ, ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਅੰਸ

“ਦਿੱਲੀ ਦੇ ਕਿਸਾਨ ਅੰਦੋਲਨ ਸਮੇਂ ਹੋਇਆ ਬਿਰਤਾਂਤਾਂ ਦਾ ਭੇੜ ਇਹ ਦਰਸਾਉਂਦਾ ਹੈ ਕਿ (ਅਜੋਕੇ ਸਮੇਂ ਵਿਚ) ਇਹ ਭੇੜ ਆਹਮੋ-ਸਾਹਮਣੇ ਨਹੀਂ ਬਲਕਿ ਬਿਜਲ-ਸੱਥ ਉੱਤੇ ਹੁੰਦਾ ਹੈ। ਇਹ ਲੇਖਾ ਸਾਫ ਤੌਰ ਉੱਤੇ ਇਹ ਚਿੰਤਾਜਨਕ ਤੱਥ ਨੂੰ ਦਰਸਾਉਂਦਾ ਹੈ ਕਿ ਇੰਡੀਆ ਵਿਚ ਘੱਟਗਿਣਤੀਆਂ ਵਿਰੁਧ ‘ਜਾਣਕਾਰੀ/ਬਿਰਤਾਂਤ ਦੀ ਜੰਗਬਾਜ਼ੀ’ (ਇਨਫਰਮੇਸ਼ਨ ਵਾਰਫੇਅਰ) ਚੱਲ ਰਹੀ ਹੈ”।

ਬੀ.ਬੀ.ਸੀ. ਦੀ ਖਬਰ ਅਨੁਸਾਰ ਬਿਜਲ-ਸੱਥ ਮੰਚਾਂ ਵੱਲੋਂ ਸ਼ਨਾਖਤ ਹੇਠ ਆਏ 80 ਜਾਅਲੇ ਖਾਤੇ ਬੰਦ ਕਰ ਦਿੱਤੇ ਗਏ ਹਨ।

ਕਿਸੇ ਨਿਰਪੱਖ ਅਦਾਰੇ ਵੱਲੋਂ ਇੰਝ ਖੋਜ ਕਰਕੇ ਇਹ ਗੱਲ ਨਸ਼ਰ ਕਰਨੀ ਕਿ ‘ਬਿਜਲ ਸੱਥ ਉਤੇ ਸਿੱਖਾਂ ਨੂੰ ਸੰਗਠਤ ਯਤਨਾਂ ਰਾਹੀਂ ਮਿੱਥ ਕੇ ਨਫਰਤ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ’ ਆਪਣੇ ਆਪ ਵਿਚ ਹੀ ਇਸ ਮਸਲੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਬਿਆਨ ਕਰਨ ਵਾਲੀ ਗੱਲ ਹੈ।

ਇਥੇ ਇਹ ਗੱਲ ਵਿਚਾਰਨੀ ਅਹਿਮ ਹੋ ਜਾਂਦੀ ਹੈ ਕਿ ਕਿਤੇ ਜਾਅਲੀ ਖਾਤਿਆਂ ਦਾ ਇਹ ਤਾਣਾ-ਪੇਟਾ ਇੰਡੀਆ ਦੀ ਸਰਕਾਰ ਵੱਲੋਂ 2018 ਵਿਚ ਤਜਵੀਜ ਕੀਤੇ ਗਏ ‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’ (ਸੋਮੀਕਹ) ਨਾਮੀ ਖਤਰਨਾਕ ਢਾਂਚੇ ਦੀ ਪਰਦੇ ਪਿੱਛੇ ਕਰ ਲਈ ਉਸਾਰੀ ਦਾ ਸੂਚਕ ਤਾਂ ਨਹੀਂ ਹੈ? 

ਸੋਮੀਕਹ ਤੰਤਰ ਰਾਹੀਂ ਸਰਕਾਰ ਨੇ ਅਜਿਹਾ ਢਾਂਚਾ ਸਿਰਜਣਾ ਸੀ ਜਿਸ ਨਾਲ ਬਿਜਲ ਸੱਥ ਦੇ ਮੰਚਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਣੀ ਸੀ ਅਤੇ ਵਰਤੋਂਕਾਰਾਂ ਵੱਲੋਂ ਪਾਈ ਜਾ ਰਹੀ ਜਾਣਕਾਰੀ ਦੇ ਅਧਾਰ ਉੱਤੇ ਉਹਨਾ ਬਾਰੇ ਸਰਬਪੱਖੀ ਖਰੜਾ (360 ਡਿਗਰੀ ਪ੍ਰੋਫਾਈਲ) ਤਿਆਰ ਕੀਤੀ ਜਾਣੀ ਸੀ। ਇਸ ਤੰਤਰ ਨੇ ਬਿਜਲ ਸੱਥ ਰਾਹੀਂ ਲੋਕਾਂ ਦੇ ਮਿਜਾਜ (ਸੋਸ਼ਲ ਮੀਡੀਆ ਸੈਂਟੀਮੈਂਟ) ਦੀ ਸੂਹ ਰੱਖਣੀ ਸੀ ਅਤੇ ਰੋਜਾਨਾ 6 ਲੇਖੇ ਤਿਆਰ ਕਰਕੇ ਸਰਕਾਰ ਦੀਆਂ ਤਰਜੀਹਾਂ ਮੁਤਾਬਕ ਜਾਣਕਾਰੀ ਅਤੇ ਇਸ ਦੇ ਸਰੋਤਾਂ ਨੂੰ ‘ਨਾਂਹ-ਪੱਖੀ’, ‘ਹਾਂ-ਪੱਖੀ’ ਅਤੇ ‘ਬੇਲਾਗ’ ਦੀਆਂ ਸ਼੍ਰੇਣੀਆਂ ਵਿੱਚ ਵੰਡਾਣਾ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਸੋਮੀਕਹ ਤੰਤਰ ਰਾਹੀਂ ਮੋੜਵੀਆਂ ਪਰਚਾਰ ਮੁਹਿੰਮਾਂ ਚਲਾਉਣੀਆਂ ਸਨ ਤਾਂ ਕਿ ਲੋਕਾਂ ਦੇ ਵਿਚਾਰਾਂ ਤੇ ਧਾਰਨਾਵਾਂ (ਪਰੀਸੈਪਸ਼ਨ) ਨੂੰ ਬਦਲਿਆ ਜਾ ਸਕੇ।

‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’ (ਸੋਮੀਕਹ) ਬਾਰੇ

ਸਰਕਾਰੀ ਦਸਤਾਵੇਜ਼ੀ ਵਿੱਚ ਜਿਹਨਾ ਕਾਰਜਾਂ ਦਾ ਉਚੇਚਾ ਜ਼ਿਕਰ ਸੀ, ਉਹ ਇਸ ਪ੍ਰਕਾਰ ਹਨ: 

 •    “ਲੋਕਾਂ ਦੀਆਂ ਧਾਰਨਾਵਾਂ ਨੂੰ ਕਿਵੇਂ ਮੋੜੀਆ/ਮੁੜ-ਘੜਿਆ/ਬਦਲਿਆ ਜਾਵੇ” (ਹਓ ਕੁੱਡ ਪਬਲਿਕ ਪ੍ਰੀਸੈਪਸ਼ਨ ਬੀ ਮੌਲਡਿਡ),
 •    “ਜਨਤਾ ਵਿਚ ਰਾਸ਼ਟਰਵਾਦੀ ਭਾਵਨਾਵਾਂ ਕਿਵੇਂ ਭਰੀਆਂ ਜਾਣ” (ਹਓ ਕੁੱਡ ਨੈਸ਼ਨਲਿਸਟਿਕ ਫੀਲਿੰਗਸ ਬੀ ਇਨਕਲਕੇਟਿਡ ਇਨ ਦਾ ਮਾਸਿਸ),
 •    “ਇੰਡੀਆ ਪ੍ਰਤੀ ਧਾਰਨਾ ਨੂੰ ਕਿਵੇਂ ਸੁਧਾਰਿਆਂ ਜਾਵੇ” (ਹਓ ਕੁੱਡ ਦਾ ਪ੍ਰੀਸੇਪਸ਼ਨ ਮੈਨਿਜਮੈਂਟ ਆਫ ਇੰਡੀਆ ਬੀ ਇਮਪਰੂਵਡ), ਅਤੇ
 •    “ਇੰਡੀਆ ਦੇ ਵਿਰੋਧੀਆਂ ਨੂੰ ਕਿਵੇਂ ਜਵਾਬ ਦਿੱਤਾ ਜਾਵੇ ਅਤੇ ਚੁੱਪ ਕਰਵਾਇਆ ਜਾਵੇ” (ਹਓ ਕੁੱਡ … ਇੰਡੀਆ’ਸ ਅਡਵਰਸਰਈਸ ਬੀ ਪ੍ਰੀਡਿਕਟਿਡ ਐਂਡ ਰਿਪਲਾਈਡ/ਨਿਊਟਰਲਾਈਜ਼ਡ)।

ਸੋਮੀਕਹ ਤੰਤਰ ਸਿਰਜਣ ਦੇ ਵਿਚਾਰ ਦਾ ਸਾਲ 2018 ਵਿਚ ਬਹੁਤ ਤਿੱਖਾ ਵਿਰੋਧ ਹੋਇਆ ਸੀ। ਇਹ ਮਾਮਲਾ ਇੰਡੀਆ ਦੇ ਸੁਪਰੀਮ ਕੋਰਟ ਵਿਚ ਵੀ ਗਿਆ ਅਤੇ ਸਮਾਜਿਕ ਧਿਰਾਂ (ਸਿਵਲ ਸੁਸਾਇਟੀ), ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਨਿੱਜਤਾ ਦੇ ਹੱਕ ਦੇ ਅਲਮਬਰਦਾਰਾਂ ਨੇ ਇਸ ਤੰਤਰ ਦੇ ਵਿਚਾਰ ਨੂੰ ਸਮਾਜ ਲਈ ਬਹੁਤ ਖਤਰਨਾਕ ਦੱਸਿਆ। ਉਹਨਾ ਦਾ ਕਹਿਣਾ ਸੀ ਕਿ ਸੋਮੀਕਹ ਤੰਤਰ ਰਾਹੀਂ ਸਰਕਾਰ ਨੇ ਲੋਕਾਂ ਦੀ ਨਿੱਜਤਾ ਦਾ ਘਾਣ ਕਰਦਿਆਂ ਉਹਨਾਂ ਦੀ ਜਸੂਸੀ ਕਰਨੀ ਸੀ ਅਤੇ ਲੋਕਾਂ ਦੇ ਮਨਾਂ ਤੇ ਵਿਚਾਰਾਂ ਨੂੰ ਕਾਬੂ ਕਰਨਾ ਸੀ। ਸਰਕਾਰ ਨੇ ਗੱਲ ਜ਼ਿਆਦਾ ਖਿੱਲਰਦੀ ਵੇਖ ਕੇ ਸੋਮੀਕਹ ਤੰਤਰ ਦੀ ਉਸਾਰੀ ਦੇ ਵਿਚਾਰ ਉੱਤੇ ਅਮਲ ਨਾ ਕਰਨ ਦਾ ਐਲਾਨ ਕੀਤਾ ਸੀ।

ਆਓ ਹੁਣ ਸੋਮੀਕਹ ਬਾਰੇ ਇਸ ਸੰਖੇਪ ਜਾਣਕਾਰੀ ਦੀ ਰੌਸ਼ਨੀ ਵਿਚ ਬਿਜਲ ਸੱਥ ਦੇ ਜਾਅਲੀ ਖਾਤਿਆਂ ਰਾਹੀਂ ਸਿੱਖਾਂ ਨੂੰ ਨਫਰਤ ਦਾ ਨਿਸ਼ਾਨਾ ਬਣਾਉਣ ਬਾਰੇ ਜਾਰੀ ਹੋਏ ਲੇਖੇ ਬਾਰੇ ਮੁੜ ਵਿਚਾਰ ਕਰਦੇ ਹਾਂ। 

ਲੇਖੇ ਵਿਚ ਸਾਹਮਣੇ ਨੁਕਤਿਆਂ ਦੇ ਕਾਰਜ-ਦਾਇਰੇ ਵੱਲ ਧਿਆਨ ਦਿਓ। ਇਹ ਬਿਲਕੁਲ ਉਹੀ ਦਾਇਰਾ ਹੈ ਜੋ ਕਿ ‘ਮੋੜਵੀਆਂ ਪ੍ਰਚਾਰ ਮੁਹਿੰਮਾਂ’ ਰਾਹੀਂ ‘ਧਾਰਨਾਵਾਂ ਨੂੰ ਘੜਨ, ਸੁਧਾਰਨ, ਤੋੜਨ-ਮਰੋੜਨ ਤੇ ਮੁੜ-ਸਿਰਜਣ’ ਲਈ ਸੋਮੀਕਹ ਤੰਤਰ ਦਾ ਤਜਵੀਜਤ ਕਾਰਜ-ਦਾਇਰਾ ਸੀ।

ਦੂਜੀ

ਅਹਿਮ ਗੱਲ ਉਸ ਵਰਤਾਰੇ ਦੀ ਹੈ ਜਿਸ ਦਾ ਸੰਬੰਧ ਬਿਜਲ-ਸੱਥ ਦੇ ਖਾਤਿਆਂ ਅਤੇ ਬਿਜਲ ਸੱਥ ਉੱਤੇ ਪੈ ਰਹੀ ਸਮਗਰੀ ਦੀ ‘ਸ਼੍ਰੇਣੀ ਵੰਡ’ ਕਰਨ ਦੇ ਕਾਰਜ ਨਾਲ ਹੈ ਜਿਸ ਦਾ ਜ਼ਿਕਰ ਜਿਸ ਦਾ ਜਿਕਰ ਸੋਮੀਕਹ ਤੰਤਰ ਦੇ ਉੱਪਰ ਬਿਆਨੇ ਕਾਰਜ-ਦਾਇਰੇ ਵਿਚ ਦਰਜ਼ ਸੀ।

ਭਾਵੇਂ ਹਾਲੀਆ ਖੁਲਾਸੇ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਪਰ ਇਹ ਇਕ ਸਥਾਪਿਤ ਤੱਥ ਹੈ ਕਿ ਇੰਡੀਆ ਦੀ ਸਰਕਾਰ ਵੱਲੋਂ ਇਕਪਾਸੜ ਕਾਰਵਾਈ ਰਾਹੀਂ ਸੈਕੜਿਆਂ ਦੀ ਤਾਦਾਦ ਵਿਚ ਸਿੱਖ ਵੈਬਸਾਈਟਾਂ; ਸਿੱਖਾਂ ਦੇ ਫੇਸਬੁੱਕ ਸਫਿਆਂ, ਫੇਸਬੁੱਕ ਖਾਤਿਆਂ, ਯੂਟਿਊਬ ਚੈਨਲਾਂ ਅਤੇ ਟਵਿੱਟਰ ਖਾਤਿਆਂ ਨੂੰ ਬੰਦ ਕਰਵਾਇਆ ਗਿਆ ਹੈ, ਜਾਂ ਉਹਨਾਂ ਦੀ ਪਹੁੰਚ ਇੰਡੀਆ ਵਿਚ ਰੋਕੀ ਹੈ। ਇਸੇ ਤਰ੍ਹਾਂ ਸਿੱਖਾਂ ਵੱਲੋਂ ਬਿਜਾਲ (ਇੰਟਰਨੈਟ) ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਪਾਈ ਗਈ ਜੋ ਸਮਗਰੀ ਸਰਕਾਰ ਵੱਲੋਂ ਲਹਾਈ ਗਈ ਹੈ ਜਾਂ ਜਿਸ ਤੱਕ ਪਹੁੰਚ ਇੰਡੀਆ ਵਿਚ ਰੋਕ ਦਿੱਤੀ ਗਈ ਹੈ, ਉਸ ਦੀ ਗਿਣਤੀ ਲੱਖਾਂ ਨੂੰ ਪਾਰ ਕਰ ਜਾਂਦੀ ਹੈ। ਮਿਸਾਲ ਵਜੋਂ ਸਿੱਖ ਸਿਆਸਤ ਦੇ ਦੋ ਬਿਜਾਲੀ ਖਬਰ ਮੰਚਾਂ (ਨਿਊਜ਼ ਵੈਬਸਾਈਟਾਂ) ਉਤੇ ਹੀ ਕਰੀਬ 27,000 ਅਜਹੀਆਂ ਖਬਰਾਂ ਅਤੇ ਲਿਖਤਾਂ ਹਨ ਜਿਹੜੀਆਂ ਇੰਡੀਆ ਵਿਚ ਖੁੱਲ੍ਹਣ ਤੋਂ ਰੋਕੀਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਜੈਜੀ ਬੈਂਸ ਦਾ ਟਿਵੱਟਰ ਖਾਤਾ ਇੰਡੀਆ ਵਿਚ ਰੋਕਿਆ (ਬਲੌਕ ਕੀਤਾ) ਹੋਇਆ ਹੈ। ਕਿਸਾਨੀ ਸੰਘਰਸ਼ ਬਾਰੇ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮੇ ਦਾ ਮਕਬੂਲ ਗੀਤ ‘ਪੇਚਾ ਪੈ ਗਿਆ ਸੈਂਟਰ’ ਨਾਲ ਵੀ ਇੰਡੀਆ ਵਿਚ ਰੋਕਿਆ (ਬਲੌਕ ਕੀਤਾ) ਹੋਇਆ ਹੈ। ਇਹ ਮਿਸਾਲਾਂ ਬਿਜਲ ਸੱਥ ਉੱਤੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਵਰਤਾਏ ਜਾ ਰਹੇ ਵਰਤਾਰੇ ਦੀ ਝਲਕ ਮਾਤਰ ਹੀ ਹਨ। ਸਿੱਖਾਂ ਦਾ ਪੱਖ ਪੇਸ਼ ਕਰਨ ਵਾਲੇ ਖਬਰ ਅਦਾਰਿਆਂ, ਪੱਤਰਕਾਰਾਂ, ਸੰਸਥਾਵਾਂ ਦੇ ਹਜ਼ਾਰਾਂ ਬਿਜਲ-ਸੱਥ ਸਫੇ, ਖਾਤੇ ਅਤੇ ਮੰਚ ਸਰਕਾਰ ਵੱਲੋਂ ਬੰਦ ਕਰਵਾਏ ਗਏ ਹਨ। ਪੰਜਾਬ ਵਿਚ ਸਰਗਰਮ ਸਿੱਖ ਕਾਰਕੁੰਨਾਂ ਦੇ ਸੈਂਕੜੇ ਬਿਜਲ ਸੱਥ ਖਾਤੇ ਹਾਲੀਆ ਦਿਨਾਂ ਦੌਰਾਨ ਹੀ ਬੰਦ ਕਰਵਾਏ ਗਏ ਹਨ।

ਇਹ

ਸਭ ਇਸੇ ਗੱਲ ਵੱਲ ਇਸ਼ਾਰਾ ਹੈ ਕਿ ਸਰਕਾਰ ਨੇ ‘ਸੋਸ਼ਲ ਮੀਡੀਆ ਕਮਿਊਨੀਕੇਸ਼ਨ ਹੱਬ’ (ਸੋਮੀਕਹ) ਜਾਂ ਇਸੇ ਵਰਗੇ ਕਿਸੇ ਹੋਰ ਤੰਤਰ ਦੀ ਉਸਾਰੀ ਕਰ ਲਈ ਹੈ ਇਸੇ ਲਈ ਇਸ ਵਿਆਪਕ ਕਾਰਜ ਖੇਤਰ ਵਿਚ ਇੰਨੇ ਸੰਗਠਤ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਅੰਸ’ ਦੇ ਲੇਖੇ ਨੇ ਖਤਰੇ ਦਾ ਘੁੱਗੂ ਵਜਾਉਣ ਦਾ ਕੰਮ ਕੀਤਾ ਹੈ। ਬੇਸ਼ੱਕ ਇਸ ਵਾਰ ਸਿੱਖ ਨਿਸ਼ਾਨੇ ਉੱਤੇ ਹਨ ਪਰ ਇਸ ਦੀ ਵੱਖਰੇ ਵਿਚਾਰ ਰੱਖਣ ਵਾਲੇ ਸਭਨਾ ਨੂੰ ਪਵੇਗੀ ਕਿਉਂਕਿ ਤਾਕਤ ਦੀ ਦੁਰਵਰਤੋਂ ਬੇਸ਼ੱਕ ਕਿਸੇ ਵੱਖਰਿਆਏ ਜਾਣਯੋਗ ਛੋਟੇ ਹਿਸੇ ਤੋਂ ਸ਼ੁਰੂ ਹੁੰਦੀ ਹੈ ਪਰ ਜਦੋਂ ਇਹ ਦੁਰਵਰਤੋਂ ਦਸਤੂਰ ਬਣ ਜਾਵੇ ਤਾਂ ਇਸ ਦੀ ਮਾਰ ਸਭਨਾ ਨੂੰ ਝੱਲਣੀ ਪੈਂਦੀ ਹੈ। ਇਹ ਗੱਲ ਵੇਖਣ ਵਾਲੀ ਹੋਵੇਗੀ ਕਿ ਇੰਡੀਆ ਵਿਚ ਖੁਦ ਨੂੰ ਨਿਰਪੱਖ ਦੱਸਣ ਵਾਲਾ ਖਬਰਖਾਨਾ ਅਤੇ ਸਮਾਜਿਕ ਹਿੱਸੇ ਇਸ ਉੱਤੇ ਕੀ ਪ੍ਰਤੀਕਿਰਿਆ ਕਰਦੇ ਹਨ। ਕੀ ਉਹ ਖੁੱਲ੍ਹ ਕੇ ਇਸ ਮਾਮਲੇ ਵਿਚ ਸਾਹਮਣੇ ਆਉਣਗੇ ਜਾਂ ਆਪਣੀ ਵਾਰੀ ਆਉਣ ਦੀ ਉਡੀਕ ਕਰਨਗੇ?

ਇਹ ਲਿਖਤ ਹੋਰਨਾਂ ਨਾਲ ਜਰੂਰ ਸਾਂਝੀ ਕਰੋ ਜੀ!

Leave a Comment

Your email address will not be published.

You may also like

Read More

post-image
Video

“ਮੈਂ ਤੇ ਕਿਤਾਬ “ ਸਭਾ ਦੇ ਮਹਿਮਾਨ ਜੱਸੀ ਧਾਲੀਵਾਲ ਦੀਆਂ ਮਨਪਸੰਦ ਕਿਤਾਬਾਂ ਬਾਰੇ ਸੰਖੇਪ ਗੱਲਬਾਤ

“ਮੈਂ ਤੇ ਕਿਤਾਬ “ ਸਭਾ ਦੇ ਮਹਿਮਾਨ ਜੱਸੀ ਧਾਲੀਵਾਲ ਦੀਆਂ ਮਨਪਸੰਦ ਕਿਤਾਬਾਂ ਬਾਰੇ ਸੰਖੇਪ ਗੱਲਬਾਤ
Read More